Tuesday, 15 September 2020

ਐਵੇਂ ਦਿਲ ’ਤੇ ਨਾ ਲਾਈਂ

 

ਐਵੇਂ ਦਿਲ ’ਤੇ ਨਾ ਲਾਈਂ



ਜਿਨ੍ਹਾਂ ਉੱਤੇ ਮਾਣ ਹੋਵੇ
ਓਹੀਓ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ਼ ਸਾਂਝੇ ਸਾਹ
ਓਹੀਓ ਸਾਂਝ ਤੋੜਦੇ ਨੇ

ਗਿਲੇ ਰੋਸੇ ਪਛਤਾਵੇ ਘੇਰਾ ਪਾਉਂਦੇ ਰਹਿੰਦੇ ਨੇ
ਐਵੇਂ ਦਿਲ ’ਤੇ ਨਾ ਲਾਈਂ
ਘਾਟੇ ਨਫ਼ੇ ਜ਼ਿੰਦਗੀ ’ਚ ਜਾਂਦੇ ਆਉਂਦੇ ਰਹਿੰਦੇ ਨੇ
ਦਿਲਾ! ਦਿਲ ’ਤੇ ਨਾ ਲਾਈਂ

ਕੱਚੀ ਯਾਰੀ ਝੂਠੇ ਵਾਅਦੇ
ਦਿਲੋਂ ਦਿਲ ਕੌਣ ਲਾਉਂਦਾ
ਰੋਣਾ ਕਾਹਦੇ ਪਿੱਛੇ ਇੱਥੇ
ਸੱਚਾ ਪਿਆਰ ਕੌਣ ਪਾਉਂਦਾ
ਲੋਕੀਂ ਤੋੜ ਤੋੜ ਦਿਲ ਅਜ਼ਮਾਉਂਦੇ ਰਹਿੰਦੇ ਨੇ
ਐਵੇਂ ਦਿਲ ’ਤੇ ਨਾ ਲਾਈਂ
ਘਾਟੇ ਨਫ਼ੇ ਜ਼ਿੰਦਗੀ ’ਚ ਏਦਾਂ ਆਉਂਦੇ ਰਹਿੰਦੇ ਨੇ
ਦਿਲਾ! ਦਿਲ ’ਤੇ ਨਾ ਲਾਈਂ

ਕੱਚੀ ਕੱਚਿਆਂ ਦੀ ਯਾਰੀ
ਹਾਰ ਹੰਝੂਆਂ ਦੇ ਗੁੰਦੇ
ਹਾਸੇ ਇੱਕ ਦੋ ਦਿਨਾਂ ਦੇ
ਮਿਹਣੇ ਉਮਰਾਂ ਦੇ ਹੁੰਦੇ
ਲੋਕੀਂ ਗੱਲ ਗੱਲ ਵਿੱਚ ਚੋਭਾਂ ਲਾਉਂਦੇ ਰਹਿੰਦੇ ਨੇ
ਐਵੇਂ ਦਿਲ ’ਤੇ ਨਾ ਲਾਈਂ
ਘਾਟੇ ਨਫ਼ੇ ਜ਼ਿੰਦਗੀ ’ਚ ਜਾਂਦੇ ਆਉਂਦੇ ਰਹਿੰਦੇ ਨੇ
ਦਿਲਾ! ਦਿਲ ’ਤੇ ਨਾ ਲਾਈ

ਇੱਥੋਂ ਟੁੱਟਦੀ ਪਤੰਗ
ਦੂਜੇ ਪਾਸੇ ਜੁੜ ਜਾਂਦੀ
ਇੰਞ ਸਿੱਖ ਲੈ ਬਣਾਉਣੀ
ਸਾਂਝ ਓਪਰੀ ਦਿਲਾਂ ਦੀ
ਲੋਕੀਂ ਇੱਕੋ ਵਾਰੀ ਕਈ ਥਾਂ ਪੁਗਾਉਂਦੇ ਰਹਿੰਦੇ ਨੇ
ਐਵੇਂ ਦਿਲ ’ਤੇ ਨਾ ਲਾਈਂ
ਘਾਟੇ ਨਫ਼ੇ ਜ਼ਿੰਦਗੀ ’ਚ ਏਦਾਂ ਆਉਂਦੇ ਰਹਿੰਦੇ ਨੇ
ਦਿਲਾ! ਦਿਲ ’ਤੇ ਨਾ ਲਾਈ

ਬਣ ਬੈਠਣਾ ਜੇ ਫੁੱਲ
ਥੱਲੇ ਖਾਰ ਵਾਂਗਰਾਂ
ਦਿਨ ਕੱਟਣੇ ਜੇ ਤੂੰ ਵੀ
ਸੰਗਤਾਰ ਵਾਂਗਰਾਂ
ਲੋਕੀਂ ਕੰਡਿਆਂ ਤੋਂ ਕੱਪੜੇ ਬਚਾਉਂਦੇ ਰਹਿੰਦੇ ਨੇ
ਐਵੇਂ ਦਿਲ ’ਤੇ ਨਾ ਲਾਈਂ
ਘਾਟੇ ਨਫ਼ੇ ਜ਼ਿੰਦਗੀ ’ਚ ਏਦਾਂ ਆਉਂਦੇ ਰਹਿੰਦੇ ਨੇ
ਦਿਲਾ! ਦਿਲ ’ਤੇ ਨਾ ਲਾਈਂ

ਉਮਰ ਭਰ…

 

ਉਮਰ ਭਰ…


ਘਰ ਤਾਂ ਕੀ ਇਸ ਸ਼ਹਿਰ ਵੀ, ਆਉਣਾ ਉਹਦਾ ਹੋਇਆ ਹੀ ਨਾ
ਦਰ ਉਡੀਕਾਂ ਵਿੱਚ ਅਸੀਂ ਵੀ ਉਮਰ ਭਰ ਢੋਇਆ ਹੀ ਨਾ

ਸਾਜ਼ ਬਣਕੇ ਵੀ ਉਹ ਵੀਨਾ ਤਰਸਦੀ ਤਰਜ਼ਾਂ ਨੂੰ ਰਹੀ
ਤਨ ਉਹ ਦਾ ਕਾਬਿਲ ਕਿਸੇ ਵਾਦਿਕ ਕਦੇ ਛੋਹਿਆ ਹੀ ਨਾ

ਚਾਹੁੰਦਿਆਂ ਵੀ ਅੱਖੀਆਂ ’ਚੋਂ ਅੱਥਰੂ ਗੁੰਮ ਹੀ ਨੇ ਅੱਜ
ਆਸ ਸੀ ਜਿਸਦੀ ਅਸਰ ਵਿਛੜਨ ਦਾ ਉਹ ਹੋਇਆ ਹੀ ਨਾ

ਕੀ ਨਸ਼ਾ ਸੀ ਇਸ਼ਕ ਦੇ ਦਰਦਾਂ ਦੇ ’ਚ ਦੱਸ ਤਾਂ ਸੋਹਣਿਆਂ
ਹੋ ਜੁਦਾ ਜ਼ਿੰਦਗੀ ਤੋਂ ਚਾਅ ਫਿਰ ਜਿਉਣ ਦਾ ਮੋਇਆ ਹੀ ਨਾ

ਸਰਦ ਸੀ ਬੇਜਾਨ ਸੀ ਪੱਥਰ ਸੀ ਫਿਰ ਵੀ ਦਿਲ ਤਾਂ ਸੀ
ਨਸ਼ਤਰਾਂ ਦੇ ਨਾਲ਼ ਥਾਂ ਇਹ ਬਸ ਕਿਸੇ ਟੋਹਿਆ ਹੀ ਨਾ।

ਨਾ ਸਮਝੀ

 

ਨਾ ਸਮਝੀ



ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ ।
ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ ।

ਹੁਣ ਤੈਨੂੰ ਕੋਈ ਲੋੜ ਨਹੀਂ ਗੁਰਨੂਰ  ‘ਤੇ ਜ਼ੁਲਮ ਕਮਾਉਣੇ ਦੀ,
ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।

ਕੀ ਆਖਾਂ ਮੈਂ?

 

ਕੀ ਆਖਾਂ ਮੈਂ?




ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ?
ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ?

ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ
ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?

 ਦੁਨੀਆਂ ਜਿਹੜੇ ਭੁੱਲ ਬੈਠੀ ਏ ਆਪਣੇ ਰੰਗੀਂ ਡੁੱਲ੍ਹ ਬੈਠੀ ਏ
ਟੁੱਟੀ ਪੌੜੀ ਕਿਸਮਤ ਦੀ ‘ਤੇ ਚੜ੍ਹਦਿਆਂ ਬਾਰੇ ਕੀ ਆਖਾਂ ਮੈਂ?

 ਸ਼ਿਸਤ ਸ਼ਿਕਾਰੀ ਲਾ ਬਹਿੰਦਾ ਏ ਖੇਡ ਮੌਤ ਨੂੰ ਕਹਿ ਲੈਂਦਾ ਏ
ਬੇਦੋਸ਼ੇ ਮਾਸੂਮ ਚੁਗਦਿਆਂ ਚਰਦਿਆਂ ਬਾਰੇ ਕੀ ਆਖਾਂ ਮੈਂ?

ਨ੍ਹੇਰਾ ਸਾਡੇ ਵਿਹੜੇ ਵਧਿਆ ਆਪਣੇ ਚੁੱਲ੍ਹੇ ਨੇੜੇ ਵਧਿਆ
ਲੋਕਾਂ ਨੂੰ ਤਾਂ ਕਹਿ ਲੈਂਦਾ ਸਾਂ ਘਰਦਿਆਂ ਬਾਰੇ ਕੀ ਆਖਾਂ ਮੈਂ?

ਸੰਗਤਾਰ ਜੇ ਏਨਾ ਮੰਦਾ ਨਹੀਂ ਤਾਂ ਕੁੱਝ ਵੀ ਕਹਿਣਾ ਚੰਗਾ ਨਹੀਂ ਏ
ਕਦਮ ਕਦਮ ’ਤੇ ਕਦਮ ਮਿਲ਼ਾ ਕੇ ਖੜ੍ਹਦਿਆਂ ਬਾਰੇ ਕੀ ਆਖਾਂ ਮੈਂ?

Monday, 14 September 2020

ਫਰਕ ਹੈ

ਫਰਕ ਹੈ

ਧਾਰ ਵਿੱਚ ਤੇ ਨੋਕ ਵਿੱਚ ਕੁੱਝ ਫਰਕ ਹੈ
ਤੇਰੀ ਮੇਰੀ ਸੋਚ ਵਿੱਚ ਕੁੱਝ ਫਰਕ ਹੈ

ਸੌ ਕਹੋ ਕੁੱਝ ਫਰਕ ਨਾ ਕੁੱਝ ਫਰਕ ਨਾ
ਮਹਿਲ ਵਿੱਚ ਤੇ ਢੋਕ ਵਿੱਚ ਕੁੱਝ ਫਰਕ ਹੈ

ਮਰ ਗਿਆਂ ਨੂੰ ਪੁੱਛ ਪੁਸ਼ਟੀ ਕਰਨਗੇ
ਲੋਕ ਤੇ ਪਰਲੋਕ ਵਿੱਚ ਕੁੱਝ ਫਰਕ ਹੈ

ਕੋਈ ਵੀ ਆਜ਼ਾਦ ਪੂਰਾ ਨਾ ਸਹੀ
ਰੋਕ ਵਿੱਚ ਤੇ ਟੋਕ ਵਿੱਚ ਕੁੱਝ ਫਰਕ ਹੈ

ਲੱਗ ਗਏ ਤੀਹ ਸਾਲ ਇਹ ਗੱਲ ਸਿੱਖਦਿਆਂ
ਥੰਮਸ-ਅੱਪ ਤੇ ਕੋਕ ਵਿੱਚ ਕੁੱਝ ਫਰਕ ਹੈ

ਕੋਕ ਪੀਣਾ ਵਰਤਣਾ ਗੱਲ ਹੋਰ ਹੈ
ਕੋਕ ਵਿੱਚ ਤੇ ਕੋਕ ਵਿੱਚ ਕੁੱਝ ਫਰਕ ਹੈ

ਇੱਕ ਤਾਂ ਅੰਦਾਜ਼ ਇੱਕ ਇਤਿਹਾਸ ਹੈ
ਫੰਕ ਵਿੱਚ ਤੇ ਫੋਕ ਵਿੱਚ ਕੁੱਝ ਫਰਕ ਹੈ

ਜ਼ਹਿਰ ਤੇ ਅਮ੍ਰਿਤ ’ਚ ਏਨਾ ਭੇਦ ਹੈ
ਅੰਬ ਰਸ ਤੇ ਡ੍ਹੋਕ ਵਿੱਚ ਕੁੱਝ ਫਰਕ ਹੈ।

ਦਰਦਾਂ ਦੀ ਤਸਵੀਰ

 

ਦਰਦਾਂ ਦੀ ਤਸਵੀਰ

ਦਰਦਾਂ ਦੀ ਤਸਵੀਰ ਬਣੀ
ਮੱਥੇ ਦੀ ਇੱਕ ਲਕੀਰ ਬਣੀ
ਬਣਨਾ ਸੀ ਤਕਦੀਰ ਤੂੰ ਮੇਰੀ,
ਪਰ ਸਿਆਲਾਂ ਦੀ ਹੀਰ ਬਣੀ

Saturday, 12 September 2020

ਕਰਦਾ ਕੋਈ ਹੋਰ ਏ …

 

ਕਰਦਾ ਕੋਈ ਹੋਰ ਏ

ਸੱਚ ਧਰਮ ਦਾ ਮੂਲ ਹੈ ਤੇ ਪਾਪੋਂ ਨਰਕ ਅਸੂਲ ਹੈ

ਪਰ ਜ਼ਲਿਮ ਕੋਈ ਹੋਰ ਹੈ ਤੇ ਡਰਦਾ ਕੋਈ ਹੋਰ
ਕਿੰਨੀ ਵਾਰੀ ਵਾਰ ਕੇ ਜਿੰਦ ਦਾਅਵਾ ਨਹੀਂ ਸਰਕਾਰ ‘ਤੇ
ਸ਼ੋਹਰਤ ਮਿਲ਼ਦੀ ਕਿਸੇ ਨੂੰ ਤੇ ਮਰਦਾ ਕੋਈ ਹੋਰ
ਲੋਕਾਂ ਦੇ ਦੁੱਖ ਵੰਡਣਾ ਤੇ ਮਾੜੇ ਤਾਂਈਂ ਭੰਡਣਾ
ਕੰਮ ਸੀ ਇਹ ਸੰਗਤਾਰ ਦਾ ਤੇ ਕਰਦਾ ਕੋਈ ਹੋਰ

ਐਵੇਂ ਦਿਲ ’ਤੇ ਨਾ ਲਾਈਂ

  ਐਵੇਂ ਦਿਲ ’ਤੇ ਨਾ ਲਾਈਂ ਜਿਨ੍ਹਾਂ ਉੱਤੇ ਮਾਣ ਹੋਵੇ ਓਹੀਓ ਮੁੱਖ ਮੋੜਦੇ ਨੇ ਜਿਨ੍ਹਾਂ ਨਾਲ਼ ਸਾਂਝੇ ਸਾਹ ਓਹੀਓ ਸਾਂਝ ਤੋੜਦੇ ਨੇ ਗਿਲੇ ਰੋਸੇ ਪਛਤਾਵੇ ਘੇਰਾ ਪਾਉਂਦੇ ਰਹਿੰਦੇ...